ਡਿਪਟੀ ਕਮਿਸ਼ਨਰ ਵਲੋਂ ਐਸ.ਡੀ.ਐਮਜ਼ ਨੂੰ ਕੋਵਿਡ ਪ੍ਰਭਾਵਿਤ ਦੇ ਸੰਪਰਕ ’ਚ ਆਏ ਲੋਕਾਂ ਦੀ ਸ਼ਨਾਖਤ ਅਤੇ ਹੋਮ ਆਈਸੋਲੇਸ਼ਨ ਦੀ ਨਿਗਰਾਨੀ ਲਈ ਸਿਵਲ ਅਧਿਕਾਰੀ ਤਾਇਨਾਤ ਕਰਨ ਦੀਆਂ ਹਦਾਇਤਾਂ
ਜਲੰਧਰ 21 ਅਗਸਤ (ਚੰਦੜ੍ਹ) - ਕੋਵਿਡ-19 ਦੇ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਸਿਹਤ ਟੀਮਾਂ ਨੂੰ ਕੋਵਿਡ-19 ਪ੍ਰਭਾਵਿਤ ਵਿਅਕਤੀ ਦੇ ਸੰਪਰਕ ਵਿੱਚ ਆਏ 10 ਲੋਕਾਂ ਦੀ ਸ਼ਨਾਖਤ ਕਰਕੇ ਟੈਸਟਾਂ ਨੂੰ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਘਨਸ਼ਿਆਮ ਥੋਰੀ ਵਲੋਂ ਉਪ ਮੰਡਲ ਮੈਜਿਸਟਰੇਟਾਂ ਨੂੰ ਹਦਾਇਤ ਕੀਤੀ ਗਈ ਕਿ ਕੋਵਿਡ ਪ੍ਰਭਾਵਿਤ ਵਿਅਕਤੀ ਦੇ ਸੰਪਰਕ ਵਿੱਚ ਆਏ ਲੋਕਾਂ ਦੀ ਜੰਗੀ ਪੱਧਰ ’ਤੇ ਸ਼ਨਾਖਤ ਕਰਨ ਅਤੇ ਹੋਮ ਆਈਸੋਲੇਸ਼ਨ ਦੀ ਨਿਗਰਾਨੀ ਲਈ ਸਿਵਲ ਅਧਿਕਾਰੀ ਤੇ ਕਰਮਚਾਰੀ ਤਾਇਨਾਤ ਕੀਤੇ ਜਾਣ।
ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਕੋਵਿਡ ਕੇਸਾਂ ਵਿੱਚ ਵਾਧੇ ਦੇ ਮੱਦੇਨਜ਼ਰ ਸੈਂਪਲ ਇਕੱਤਰ ਕਰਨ ਵਾਲੀਆਂ ਟੀਮਾਂ, ਡਾਟਾ ਐਂਟਰੀ , ਰਿਪੋਰਟਾਂ ਤਿਆਰ ਕਰਨ ਅਤੇ ਪ੍ਰਭਾਵਿਤ ਵਿਅਕਤੀ ਦੇ ਸੰਪਰਕ ਵਿੱਚ ਆਏ ਲੋਕਾਂ ਦੀ ਸ਼ਨਾਖ਼ਤ ਕਰਨ ਵਾਲੀਆ ਟੀਮਾਂ ਅਤੇ ਹੋਰ ਕੰਮ ਕਰਨ ਵਾਲੀਆ ਖਾਸ ਕਰਕੇ ਸਿਹਤ ਟੀਮਾਂ ’ਤੇ ਕੰਮ ਦਹ ਬਹੁਤ ਦਬਾਅ ਵਧਿਆ ਹੈ। ਉਨ੍ਹਾਂ ਕਿਹਾ ਕਿ ਨੋਵੇਲ ਕੋਰੋਨਾ ਵਾਇਰਸ ਨੂੰ ਅਗੋਂ ਫੈਲਣ ਤੋਂ ਰੋਕਣ ਲਈ ਪ੍ਰਭਾਵਿਤ ਵਿਅਕਤੀ ਦੇ ਸੰਪਰਕ ਵਿੱਚ ਆਏ ਲੋਕਾਂ ਦੀ ਪਹਿਚਾਣ ਅਤੇ ਹੋਮ ਆਈਸੋਲੇਸ਼ਨ ਦੀ ਨਿਗਰਾਨੀ ਕਰਨ ਲਈ ਸਿਵਲ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਤਾਇਨਾਤ ਕਰਕੇ ਇਨਾਂ ਟੀਮਾਂ ਵਿੱਚ ਵਾਧਾ ਕੀਤਾ ਜਾਵੇਗਾ।
ਸ੍ਰੀ ਥੋਰੀ ਨੇ ਉਪ ਮੰਡਲ ਮੈਜਿਸਟਰੇਟਾਂ ਨੂੰ ਹਦਾਇਤ ਕੀਤੀ ਕਿ ਸਿਵਲ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਸੂਚੀਆਂ ਤੁਰੰਤ ਭੇਜੀਆਂ ਜਾਣ ਤਾਂ ਜੋ ਹਰ ਪ੍ਰਭਾਵਿਤ ਵਿਅਕਤੀ ਦੇ ਸੰਪਰਕ ਵਿੱਚ ਆਏ 10 ਲੋਕਾਂ ਦੀ ਜਿੰਨੀ ਜਲਦੀ ਹੋ ਸਕੇ ਪਹਿਚਾਣ ਕਰਵਾਕੇ ਉਨ੍ਹਾਂ ਦੇ ਜਲਦੀ ਟੈਸਟ ਕਰਵਾਏ ਜਾ ਸਕਣ। ਸ੍ਰੀ ਥੋਰੀ ਨੇ ਦੱਸਿਆ ਕਿ ਪ੍ਰਭਾਵਿਤ ਵਿਅਕਤੀਆਂ ਦੀ ਜਲਦੀ ਪਹਿਚਾਣ ਕਰਕੇ ਕੋਵਿਡ-19 ਮਹਾਂਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੰਟੇਨਮੈਂਟ ਜ਼ੋਨਾਂ, ਸੰਪਰਕ ਵਿੱਚ ਆਏ ਵਿਅਕਤੀਆਂ ਦੀ ਪਹਿਚਾਣ ਅਤੇ ਨਿਗਰਾਨੀ ’ਤੇ ਪੂਰੇ ਜ਼ੋਰਾਂ ਨਾਲ ਕੰਮ ਕੀਤਾ ਜਾ ਰਿਹਾ ਹੈ, ਜੋ ਕਿ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਅਹਿਮ ਹਥਿਆਰ ਹਨ।
ਸ੍ਰੀ ਥੋਰੀ ਨੇ ਦੱਸਿਆ ਕਿ ਕੋਵਿਡ ਦੀ ਲਾਗ ਤੋਂ ਪ੍ਰਭਾਵਿਤ ਲੋਕਾਂ ਦੀ ਜਲਦੀ ਸ਼ਨਾਖਤ ਕਰਕੇ ਟੈਸਟਾਂ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਤਾਂ ਕਿ ਪਹਿਲੇ ਪੜ੍ਹਾਅ ’ਤੇ ਹੀ ਉਨਾ ਦਾ ਇਲਾਜ ਕਰਕੇ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੂਬਾ ਸਰਕਾਰ ਵਲੋਂ ਕੰਟੇਨਮੈਂਟ ਅਤੇ ਮਾਈਕਰੋ ਕੰਨਟੇਨਮੈਂਟ ਜ਼ੋਨਾਂ ਵਿੱਚ 100 ਪ੍ਰਤੀਸ਼ਤ ਟੈਸਟ ਕਰਨ ਨੂੰ ਲਾਜ਼ਮੀ ਬਣਾਇਆ ਗਿਆ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ਼ ਸਾਰੰਗਲ, ਐਸ.ਡੀ.ਐਮ. ਸ੍ਰੀ ਰਾਹੁਲ ਸਿੰਧੂ, ਸ੍ਰੀ ਗੌਤਮ ਜੈਨ, ਸ੍ਰੀ ਸੰਜੀਵ ਸ਼ਰਮਾ, ਡਾ.ਜੈ ਇੰਦਰ ਸਿੰਘ, ਡਾ.ਵਿਨੀਤ ਕੁਮਾਰ, ਨਵਨੀਤ ਕੌਰ ਬੱਲ ਅਤੇ ਹੋਰ ਵੀ ਹਾਜ਼ਰ ਸਨ।
.jpg)



.jpg)




.jpg)
.jpeg)

.jpeg)

.jpeg)
